ਧੋਬੀ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਕਰਵਾਉਣ ਸਬੰਧੀ ਕੈਬਨਿਟ ਮੰਤਰੀ ਅਰੋੜਾ ਨੇ ਦਿੱਤਾ ਭਰੋਸਾ: ਰਾਕੇਸ਼ ਰੌਸ਼
ਫਿਰੋਜ਼ਪੁਰ ਧੋਬੀ ਸਮਾਜ ਦੇ ਅਹੁਦੇਦਾਰ ਰਾਕੇਸ਼ ਰੌਸ਼ਨ ਦੀ ਪ੍ਰਧਾਨਗੀ ਹੇਠ ਸੁਨਾਮ ਵਿੱਚ ਹੋਈ ਰੈਲੀ ਵਿੱਚ ਹੋਏ ਸ਼ਾਮਲ


ਫਿਰੋਜ਼ਪੁਰ, 15 ਜੁਲਾਈ (ਪੱਤਰਕਾਰ ਗੁਰਪ੍ਰੀਤ ਭੁੱਲਰ): ਸਰਕਾਰ ਵਿੱਚ ਧੋਬੀ ਭਾਈਚਾਰੇ ਦੀ ਨੁਮਾਇੰਦਗੀ ਅਤੇ ਭਾਈਚਾਰੇ ਦੀਆਂ ਜਾਇਜ਼ ਮੰਗਾਂ ਨੂੰ ਲੈ ਕੇ ਬੀਤੇ ਦਿਨੀਂ ਸੁਨਾਮ ਸ਼ਹਿਰ ਵਿੱਚ ਹੋਈ ਪੰਜਾਬ ਧੋਬੀ ਸਮਾਜ ਦੀ ਵਿਸ਼ੇਸ਼ ਕਾਨਫਰੰਸ ਵਿੱਚ ਫਿਰੋਜ਼ਪੁਰ ਧੋਬੀ ਸਮਾਜ ਸੰਸਥਾ ਦੇ ਪ੍ਰਧਾਨ ਰਾਕੇਸ਼ ਰੌਸ਼ਨ ਦੀ ਪ੍ਰਧਾਨਗੀ ਹੇਠ ਹੋਰਨਾਂ ਅਹੁਦੇਦਾਰਾਂ ਨੇ ਵਿਸ਼ੇਸ਼ ਤੌਰ ’ਤੇ ਹਿੱਸਾ ਲਿਆ।ਜਾਣਕਾਰੀ ਦਿੰਦਿਆਂ ਫਿਰੋਜ਼ਪੁਰ ਧੋਬੀ ਸਮਾਜ ਸੰਸਥਾ ਦੇ ਪ੍ਰਧਾਨ ਰਾਕੇਸ਼ ਰੌਸ਼ਨ ਨੇ ਦੱਸਿਆ ਕਿ ਰੈਲੀ ਦੌਰਾਨ ਵਿਸ਼ੇਸ਼ ਤੌਰ ’ਤੇ ਪਹੁੰਚੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੰਸਥਾ ਦੇ ਅਹੁਦੇਦਾਰਾਂ ਨੂੰ ਕਿਹਾ ਹੈ ਕਿ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਮਾਜ ਦੇ ਹਰ ਵਰਗ ਦਾ ਸਤਿਕਾਰ ਕਰਦੇ ਹਨ ਅਤੇ ਉਹ ਹਰ ਵਰਗ ਨੂੰ ਉਸ ਦੀ ਬਣਦੀ ਨੁਮਾਇੰਦਗੀ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹਨ।ਉਨ੍ਹਾਂ ਕਿਹਾ ਕਿ ਕੈਬਨਿਟ ਮੰਤਰੀ ਅਰੋੜਾ ਨੇ ਸਮਾਜ ਦੀਆਂ ਸਾਰੀਆਂ ਮੰਗਾਂ ਅਤੇ ਸਰਕਾਰ ਵਿੱਚ ਉਨ੍ਹਾਂ ਦੀ ਨੁਮਾਇੰਦਗੀ ਨੂੰ ਬਿਲਕੁਲ ਜਾਇਜ਼ ਠਹਿਰਾਇਆ ਹੈ ਅਤੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਧੋਬੀ ਭਾਈਚਾਰੇ ਦੀਆਂ ਮੰਗਾਂ ਅਤੇ ਉਨ੍ਹਾਂ ਦੀ ਸਰਕਾਰ ਵਿੱਚ ਨੁਮਾਇੰਦਗੀ ਨੂੰ ਲੈ ਕੇ ਜਲਦੀ ਹੀ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਕਰਨਗੇ ਅਤੇ ਮੰਗ ਨੂੰ ਪੂਰਾ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।ਰਾਕੇਸ਼ ਰੌਸ਼ਨ ਨੇ ਦੱਸਿਆ ਕਿ ਕੈਬਨਿਟ ਮੰਤਰੀ ਨੇ ਕਿਹਾ ਕਿ ਧੋਬੀ ਭਾਈਚਾਰੇ ਦੇ ਅਹੁਦੇਦਾਰਾਂ ਨੇ ਉਨ੍ਹਾਂ ਦੇ ਧਿਆਨ ਵਿੱਚ ਇਹ ਗੱਲ ਲਿਆਂਦੀ ਹੈ ਕਿ ਮੌਜੂਦਾ ਵੈੱਲਫੇਅਰ ਬੋਰਡ ਦੇ ਨਾਂ ਅਤੇ ਢਾਂਚੇ ਕਾਰਨ ਭਾਈਚਾਰੇ ਦੇ ਕਈ ਉਪ-ਵਰਗਾਂ ਨੂੰ ਲੋੜੀਂਦੀ ਨੁਮਾਇੰਦਗੀ ਨਹੀਂ ਮਿਲ ਰਹੀ ਹੈ ਅਤੇ ਇਸ ਸਬੰਧ ਵਿੱਚ ਸਰਕਾਰ ਕੋਲ ਦੋਵੇਂ ਵਿਕਲਪ ਵਿਚਾਰ ਅਧੀਨ ਹਨ। ਲੋੜ ਪੈਣ ’ਤੇ ਮੌਜੂਦਾ ਬੋਰਡ ਦੇ ਨਾਂ ਅਤੇ ਢਾਂਚੇ ਵਿੱਚ ਸੋਧ ਕੀਤੀ ਜਾਵੇਗੀ ਜਾਂ ਫਿਰ ਸਮੁੱਚੇ ਧੋਬੀ ਭਾਈਚਾਰੇ ਦੀ ਨੁਮਾਇੰਦਗੀ ਨੂੰ ਯਕੀਨੀ ਬਣਾਉਣ ਲਈ ਕਿਸੇ ਨਵੇਂ ਵਿਕਲਪ ਦਾ ਪ੍ਰਬੰਧ ਕੀਤਾ ਜਾਵੇਗਾ।ਇਸ ਮੌਕੇ ਫਿਰੋਜ਼ਪੁਰ ਪ੍ਰਧਾਨ ਦੇ ਨਾਲ ਜਨਰਲ ਸਕੱਤਰ ਪ੍ਰਦੀਪ ਬੋਬੀ, ਕੈਸ਼ੀਅਰ ਰਾਜੇਸ਼ ਤਨਵਰ, ਓਮ ਪ੍ਰਕਾਸ਼, ਸੋਮ ਪ੍ਰਕਾਸ਼, ਪਰਸ਼ੋਤਮ ਲਾਲ, ਦੀਪੂ, ਹਨੀ, ਅਕਾਸ਼ ਚੌਹਾਨ ਆਦਿ ਹਾਜ਼ਰ ਸਨ।


