ਡੀਸੀ ਮਾਡਲ ਸਕੂਲ ਦੀ ਭੂਮੀ ਸ਼ਰਮਾ ਨੇ ਸੀਬੀਐੱਸਈ ਕਲਸਟਰ ਟੇਬਲ ਟੈਨਿਸ ਵਿੱਚ ਜਿੱਤਿਆ ਚਾਂਦੀ ਦਾ ਮੈਡਲ ਰਾਸ਼ਟਰੀ ਮੁਕਾਬਲੇ ਲਈ ਹੋਈ ਚੋਣ
ਡੀਸੀ ਮਾਡਲ ਸਕੂਲ ਦੀ ਭੂਮੀ ਸ਼ਰਮਾ ਨੇ ਸੀਬੀਐੱਸਈ ਕਲਸਟਰ ਟੇਬਲ ਟੈਨਿਸ ਵਿੱਚ ਜਿੱਤਿਆ ਚਾਂਦੀ ਦਾ ਮੈਡਲ ਰਾਸ਼ਟਰੀ ਮੁਕਾਬਲੇ ਲਈ ਹੋਈ ਚੋਣ

ਫਿਰੋਜ਼ਪੁਰ 7 ਅਗਸਤ(
ਪੱਤਰਕਾਰ ਗੁਰਪ੍ਰੀਤ ਭੁੱਲਰ ): ਡੀਸੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦੀ 11ਵੀਂ ਜਮਾਤ ਦੀ ਵਿਦਿਆਰਥਣ ਭੂਮੀ ਸ਼ਰਮਾ ਨੇ ਸੀਬੀਐੱਸਈ ਕਲਸਟਰ-18 ਟੇਬਲ ਟੈਨਿਸ ਚੈਂਪੀਅਨਸ਼ਿਪ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ-17 ਲੜਕੀਆਂ ਦੇ ਵਿਅਕਤੀਗਤ ਵਰਗ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਸਕੂਲ ਅਤੇ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਇਹ ਮੁਕਾਬਲਾ ਅੰਮ੍ਰਿਤਸਰ ਵਿਚ ਕਰਵਾਇਆ ਗਿਆ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਹਿੱਸਾ ਲਿਆ। ਪ੍ਰਿੰਸੀਪਲ ਯਾਚਨਾ ਚਾਵਲਾ ਨੇ ਦੱਸਿਆ ਕਿ ਭੂਮੀ ਸ਼ਰਮਾ ਨੇ ਪੂਰੇ ਟੂਰਨਾਮੈਂਟ ਦੌਰਾਨ ਬੇਹਤਰੀਨ ਖੇਡ, ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਦਾ ਪ੍ਰਗਟਾਵਾ ਕਰਦੇ ਹੋਏ ਫਾਈਨਲ ਤੱਕ ਦਾ ਸਫਰ ਤੈਅ ਕੀਤਾ। ਚਾਂਦੀ ਦਾ ਮੈਡਲ ਜਿੱਤਣ ਦੇ ਨਾਲ ਹੀ ਉਸ ਨੇ ਸੀਬੀਐੱਸਈ ਨੈਸ਼ਨਲ ਟੇਬਲ ਟੈਨਿਸ ਚੈਂਪੀਅਨਸ਼ਿਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਹੁਣ ਉਹ ਸੀਬੀਐੱਸਈ ਕਲਸਟਰ-18 ਦੀ ਨੁਮਾਇੰਦਗੀ ਰਾਸ਼ਟਰੀ ਪੱਧਰ ਦੇ ਮੁਕਾਬਲੇ ਵਿਚ ਕਰੇਗੀ। ਪ੍ਰਿੰਸੀਪਲ ਨੇ ਭੂਮੀ ਸ਼ਰਮਾ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਮਿਹਨਤ, ਲਗਨ ਅਤੇ ਅਨੁਸ਼ਾਸਨ ਦੂਜੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹਨ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਭੂਮੀ ਰਾਸ਼ਟਰੀ ਮੁਕਾਬਲੇ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਕੇ ਸਕੂਲ ਅਤੇ ਖੇਤਰ ਦਾ ਮਾਣ ਵਧਾਏਗੀ। ਡਿਪਟੀ ਪ੍ਰਿੰਸੀਪਲ ਮਨੀਸ਼ ਬਾਂਗਾ, ਹੈੱਡ ਮਿਸਟਰੈਸ ਰਿਤਿਕਾ ਸੋਨੀ, ਡੀਜੀਐੱਮ ਆਪ੍ਰੇਸ਼ਨ ਅਨੂ ਸ਼ਰਮਾ ਨੇ ਭੂਮੀ ਸ਼ਰਮਾ ਨੂੰ ਇਸ ਪ੍ਰਾਪਤੀ ’ਤੇ ਸ਼ੁਭਕਾਮਨਾਵਾਂ ਦਿੰਦਿਆਂ ਰਾਸ਼ਟਰੀ ਮੁਕਾਬਲੇ ਲਈ ਸਫਲਤਾ ਦੀ ਕਾਮਨਾ ਕੀਤੀ। ਪ੍ਰਬੰਧਕਾਂ ਨੇ ਕਿਹਾ ਕਿ ਸਕੂਲ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਲਈ ਨਿਰੰਤਰ ਉਤਸ਼ਾਹਿਤ ਕਰਦਾ ਹੈ ਅਤੇ ਭੂਮੀ ਦੀ ਸਫਲਤਾ ਇਸੇ ਯਤਨ ਦਾ ਨਤੀਜਾ ਹੈ।