ਤੰਦਰੁਸਤ ਬਚਪਨ ਅਤੇ ਨਰੋਏ ਭਵਿੱਖ ਦੀ ਧੁਰਾ, ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਵਾਂਗ: ਡਾ. ਸਵਕ੍ਰਿਤ
ਪਹਿਲੇ 6 ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਲਈ ਪੂਰਨ ਅਤੇ ਸੁਰੱਖਿਅਤ ਖ਼ੁਰਾਕ: ਅਮਰਜੀਤ

ਫ਼ਿਰੋਜ਼ਪੁਰ 8 ਅਗਸਤ (gurpreet singh
): ਸਿਵਲ ਸਰਜਨ ਡਾ. ਮੀਨਾਕਸ਼ੀ ਢੀਂਗਰਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਾ. ਹਰਸ਼ ਕਾਰਜਕਾਰੀ ਐੱਸਐੱਮਓ ਮਮਦੋਟ ਦੀ ਯੋਗ ਅਗਵਾਈ ਹੇਠ ਬੀਐੱਸਐੱਫ 155ਵੀਂ ਬਟਾਲੀਅਨ ਖਾਈ ਮਹਿਲ ਸਿੰਘ ਵਾਲਾ ਕੈਂਪਸ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਬੋਲਦਿਆਂ ਮੈਡੀਕਲ ਅਫ਼ਸਰ ਡਾ. ਸਵਕ੍ਰਿਤ ਨੇ ਕਿਹਾ ਕਿ ਮਾਂ ਦਾ ਦੁੱਧ ਜਿੱਥੇ ਬੱਚੇ ਦੇ ਚੰਗੇਰੇ ਮਾਨਸਿਕ ਤੇ ਦਿਮਾਗੀ ਵਿਕਾਸ ਵਿਚ ਮੱਦਦ ਕਰਦਾ ਹੈ, ਉੱਥੇ ਹੀ ਨਵ-ਜਨਮੇ ਬੱਚੇ ਨੂੰ ਗੰਭੀਰ ਬਿਮਾਰੀਆਂ ਤੋਂ ਬਚਾਉਣ ਦੇ ਨਾਲ-ਨਾਲ ਵੱਡੇ ਹੋ ਕੇ ਮੋਟਾਪਾ, ਬਲੱਡ ਪ੍ਰੈਸ਼ਰ ਅਤੇ ਸ਼ੂਗਰ ਵਰਗੀਆਂ ਬਿਮਾਰੀਆਂ ਦਾ ਖ਼ਤਰਾ ਵੀ ਕਾਫ਼ੀ ਘਟਾਉਂਦਾ ਹੈ। ਉਨ੍ਹਾਂ ਜੋਰ ਦੇ ਕੇ ਕਿਹਾ ਕਿ ਨਵ-ਜਨਮੇ ਬੱਚੇ ਨੂੰ ਪਹਿਲੇ 6 ਮਹੀਨਿਆਂ ਤੱਕ ਸਿਰਫ਼ ਤੇ ਸਿਰਫ਼ ਮਾਂ ਦਾ ਦੁੱਧ ਹੀ ਦੇਣਾ ਚਾਹੀਦਾ ਹੈ, ਕਿਉਂਕਿ ਇਹ ਬੱਚੇ ਲਈ ਪੂਰਨ ਖ਼ੁਰਾਕ ਹੈ। ਉਨ੍ਹਾਂ ਕਿਹਾ ਕਿ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਸਮਾਨ ਹੈ ਅਤੇ ਇਸ ਨਾਲ ਬੱਚੇ ਨੂੰ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਵਿਗਿਆਨਕ ਤੱਥਾਂ ਅਨੁਸਾਰ ਮਾਂ ਵਲੋਂ ਬੱਚੇ ਨੂੰ ਸਤਨਪਾਨ ਕਰਵਾਉਣ ਨਾਲ ਮਾਂ ਅਤੇ ਬੱਚਾ ਦੋਵੇਂ ਹੀ ਕੈਂਸਰ ਵਰਗੀਆਂ ਨਾਮੁਰਾਦ ਬਿਮਾਰੀਆਂ ਤੋਂ ਬਚ ਸਕਦੇ ਹਨ। ਇਸ ਮੌਕੇ ਅਮਰਜੀਤ ਬੀ.ਈ.ਈ ਨੇ ਘਰ ਵਿਚ ਮਾਂ ਦੇ ਹੱਥੋਂ ਬਣਾਇਆ ਗਿਆ ਸਾਦਾ ਤੇ ਪੋਸ਼ਟਿਕ ਭੋਜਨ ਖਾਣ ਦੀ ਸਲਾਹ ਦਿੰਦਿਆਂ ਨਵੀਂ ਪੀੜ੍ਹੀ ਨੂੰ ਜੰਕ ਫੂਡ ਤੋਂ ਪ੍ਰਹੇਜ਼ ਰੱਖਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਮਾਂ ਦੇ ਦੁੱਧ ਦਾ ਸੇਵਨ ਕਰਨ ਨਾਲ ਬੱਚੇ ਦੀ ਮਾਨਸਿਕ ਅਤੇ ਸਰੀਰਕ ਤਾਕਤ ਦੇ ਨਾਲ-ਨਾਲ ਬਿਮਾਰੀਆਂ ਨਾਲ ਲੜਨ ਦੀ ਸਮੱਰਥਾ ਵਿਚ ਵਾਧਾ ਹੁੰਦਾ ਹੈ। ਇਸ ਜਾਗਰੂਕਤਾ ਪ੍ਰੋਗਰਾਮ ਦੌਰਾਨ ਡਾ. ਕੁਲਦੀਪ ਯਾਦਵ ਮੈਡੀਕਲ ਅਫਸਰ, ਬੀਐੱਸਐੱਫ 155 ਬਟਾਲੀਅਨ ਖਾਈ ਮਹਿਲ ਸਿੰਘ ਵਾਲਾ, ਨਰਸਿੰਗ ਸਟਾਫ਼, ਬੀਐੱਸਐੱਫ 155 ਬਟਾਲੀਅਨ ਹਾਜ਼ਰ ਸਨ।


