ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਸ਼ਰਧਾਪੂਰਵਕ ਕਰਵਾਇਆ ਗਿਆ
-ਮਹੰਤ ਨਾਰਾਇਣ ਦਾਸ ਪਾਲੀ ਨੇ ਭਜਨ ਰਾਹੀਂ ਬਿਆਨਿਆ ਅੱਜ ਦੇ ਸਮਾਜ ਦਾ ਸੱਚ

ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਸ਼ਰਧਾਪੂਰਵਕ ਕਰਵਾਇਆ ਗਿਆ ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਅਤੇ ਸੰਕੀਰਤਨ
-ਮਹੰਤ ਨਾਰਾਇਣ ਦਾਸ ਪਾਲੀ ਨੇ ਭਜਨ ਰਾਹੀਂ ਬਿਆਨਿਆ ਅੱਜ ਦੇ ਸਮਾਜ ਦਾ ਸੱਚ
ਫਿਰੋਜ਼ਪੁਰ 10 ਜੂਨ ( ਪੱਤਰਕਾਰ ਗੁਰਪ੍ਰੀਤ ਸਿੰਘ ): ਪ੍ਰਾਚੀਨ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਵਿਖੇ ਹਰ ਮੰਗਲਵਾਰ ਦੀ ਤਰ੍ਹਾਂ ਇਸ ਵਾਰ ਵੀ ਸ਼੍ਰੀ ਹਨੂਮਾਨ ਚਾਲੀਸਾ ਜੀ ਦਾ ਪਾਠ ਅਤੇ ਸੰਕੀਰਤਨ ਬੜੀ ਸ਼ਰਧਾ ਤੇ ਉਤਸਾਹ ਨਾਲ ਕਰਵਾਇਆ ਗਿਆ। ਇਸ ਅਧਿਆਤਮਕ ਸਮਾਗਮ ਵਿੱਚ ਭਾਰੀ ਗਿਣਤੀ ’ਚ ਇਲਾਕਾ ਨਿਵਾਸੀਆਂ, ਬੱਚਿਆਂ ਅਤੇ ਮਾਤਰ ਸ਼ਕਤੀ (ਮਹਿਲਾਵਾਂ) ਨੇ ਹਾਜ਼ਰੀ ਭਰ ਕੇ ਪ੍ਰਭੂ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਪਵਿੱਤਰ ਮੌਕੇ ’ਤੇ ਮੰਦਿਰ ਪਰਿਸਰ ਪ੍ਰਭੂ ਦੀ ਭਗਤੀ ਦੇ ਰੰਗ ਵਿੱਚ ਪੂਰੀ ਤਰ੍ਹਾਂ ਰੰਗਿਆ ਹੋਇਆ ਨਜ਼ਰ ਆਇਆ। ਸੰਕੀਰਤਨ ਦੌਰਾਨ ਮੁੱਖ ਮਹਿਮਾਨ ਵਜੋਂ ਪਹੁੰਚੇ ਮਹੰਤ ਨਾਰਾਇਣ ਦਾਸ ਪਾਲੀ ਜੀ ਨੇ ਅੱਜ ਦੇ ਮੌਜੂਦਾ ਹਾਲਾਤ ਅਤੇ ਮਨੁੱਖੀ ਮਾਨਸਿਕਤਾ ’ਤੇ ਕਟਾਖਸ਼ ਕਰਦਾ ਹੋਇਆ ਇੱਕ ਬਹੁਤ ਹੀ ਖੂਬਸੂਰਤ ਅਤੇ ਸਿੱਖਿਆਦਾਇਕ ਭਜਨ ਗਾਇਆ। ਉਨ੍ਹਾਂ ਦੇ ਭਜਨ ਦੇ ਬੋਲ ਸਨ, ਦੁਨੀਆਂ ਦੇ ਮਾਲਕਾ ਦੁਨੀਆ ਤੇਰੀ ਨਿੱਤ ਨਵੇਂ ਤਮਾਸ਼ੇ ਕਰਦੀ ਏ, ਪਹਿਲਾਂ ਇੱਜ਼ਤ ਦੇ ਲਈ ਮਰਦੀ ਸੀ ਹੁਣ ਪੈਸੇ ਦੇ ਲਈ ਮਰਦੀ ਹੈ। ਇਸ ਭਜਨ ਨੇ ਉੱਥੇ ਮੌਜੂਦ ਸਮੂਹ ਸੰਗਤ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਅਤੇ ਸਾਰਿਆਂ ਨੇ ਇਸ ਸੁਨੇਹੇ ਦੀ ਭਰਪੂਰ ਸ਼ਲਾਘਾ ਕੀਤੀ। ਮਹੰਤ ਜੀ ਤੋਂ ਇਲਾਵਾ ਹੋਰ ਪ੍ਰਮੁੱਖ ਸ਼ਰਧਾਲੂਆਂ, ਜਿਨ੍ਹਾਂ ਵਿੱਚ ਰਾਜੇਸ਼ ਵਾਸੂਦੇਵ ਜੀ, ਕਾਨੂ ਮੋਂਗਾ ਜੀ, ਭੁਵਨ ਜੋਸ਼ੀ ਜੀ, ਸ਼ਿਆਮ ਆਨੰਦ ਜੀ, ਰਾਜਕੁਮਾਰ ਸਾਜਨ ਵਰਮਾ ਅਤੇ ਜਗਦੀਸ਼ ਮੱਕੜ ਜੀ ਸ਼ਾਮਲ ਸਨ, ਨੇ ਵੀ ਬਹੁਤ ਹੀ ਮਨਮੋਹਕ ਭੇਟਾਂ ਅਤੇ ਭਜਨ ਗਾ ਕੇ ਪੂਰੇ ਮਾਹੌਲ ਨੂੰ ਸੰਗੀਤਮਈ ਅਤੇ ਅਧਿਆਤਮਕ ਬਣਾ ਦਿੱਤਾ। ਉਨ੍ਹਾਂ ਦੇ ਸੁਰੀਲੇ ਭਜਨਾਂ ਨੇ ਉੱਥੇ ਮੌਜੂਦ ਸਮੂਹ ਸੰਗਤ ਦਾ ਮਨ ਮੋਹ ਲਿਆ। ਇਸ ਧਾਰਮਿਕ ਪ੍ਰੋਗਰਾਮ ਵਿੱਚ ਸੰਜੀਵ ਹੋਂਡਾ, ਪ੍ਰਦੀਪ, ਪੁਰਸ਼ੋਤਮ ਚਾਵਲਾ, ਮਨਮੋਹਨ ਸਿਆਲ, ਰਾਜਨ ਜੋਸ਼ੀ, ਦੀਪਕ ਜੋਸ਼ੀ, ਹਰੀਸ਼ ਬੇਰੀ, ਅਜੇ ਮੋਂਗਾ ਰਾਜੂ ਅਤੇ ਪ੍ਰਦੀਪ ਚਾਨਨਾ ਸਮੇਤ ਵੱਡੀ ਗਿਣਤੀ ਵਿੱਚ ਪਤਵੰਤੇ ਸੱਜਣ ਮੌਜ਼ੂਦ ਸਨ। ਪ੍ਰੋਗਰਾਮ ਦੇ ਅਖੀਰ ਵਿਚ ਮੰਦਿਰ ਕਮੇਟੀ ਅਤੇ ਸੰਗਤ ਵੱਲੋਂ ਜਗਦੀਸ਼ ਮੱਕੜ ਦਾ ਜਨਮਦਿਨ ਬਹੁਤ ਹੀ ਸਾਦਗੀ ਅਤੇ ਪਿਆਰ ਨਾਲ ਮਨਾਇਆ ਗਿਆ। ਸਾਰਿਆਂ ਨੇ ਉਨ੍ਹਾਂ ਨੂੰ ਲੰਮੀ ਉਮਰ ਅਤੇ ਚੰਗੀ ਸਿਹਤ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਆਰਤੀ ਅਤੇ ਅਰਦਾਸ ਤੋਂ ਬਾਅਦ ਸੰਗਤ ਵਿੱਚ ਪਵਿੱਤਰ ਪ੍ਰਸ਼ਾਦ ਵੰਡਿਆ ਗਿਆ।


