ਪੋਲਿੰਗ ਪਾਲਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਸਾਜ਼ਿਸ਼
ਪੋਲਿੰਗ ਪਾਲਸੀ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀ ਸਾਜ਼ਿਸ਼


-ਜਥੇਬੰਦੀਆਂ ਦੀ ਏਕਤਾ ਨੂੰ ਲੀਹੋਂ ਲਾਹੁਣ ਦੇ ਯਤਨ: ਸਾਬ ਸਿੰਘ ਮਮਦੋਟ
-ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਫਿਰੋਜ਼ਪੁਰ ’ਚ ਰੱਖੀ ਮੀਟਿੰਗ ਨਾਲ ਬੀਕੇਯੂ ਏਕਤਾ ਸਿੱਧੂਪੁਰ ਦਾ ਕੋਈ ਸਬੰਧ ਨਹੀਂ: ਬਲਾਕ ਪ੍ਰਧਾਨ
ਫਿਰੋਜ਼ਪੁਰ 8 ਜੁਲਾਈ (ਗੁਰਪ੍ਰੀਤ ਸਿੰਘ ਭੁੱਲਰ ਪੱਤਰਕਾਰ ): ਬੀ.ਕੇ.ਯੂ. ਏਕਤਾ ਸਿੱਧੂਪੁਰ ਦੇ ਬਲਾਕ ਪ੍ਰਧਾਨ ਸਾਬ ਸਿੰਘ ਮਮਦੋਟ ਨੇ ਪੰਜਾਬ ਸਰਕਾਰ ਦੀ ਲੈਂਡ ਪੋਲਿੰਗ ਪਾਲਿਸੀ ਨੂੰ ਕਿਸਾਨ ਵਿਰੋਧੀ ਕਰਾਰ ਦਿੰਦਿਆਂ ਕਿਹਾ ਕਿ ਸਰਕਾਰ ਚੋਣ ਵਰ੍ਹੇ ਦੌਰਾਨ ਕਾਰਪੋਰੇਟਾਂ ਲਈ ਲੋਨ ਲੈਣ ਵਾਸਤੇ ਜ਼ਮੀਨਾਂ ਖੋਹਣ ਦੀ ਚਾਲ ਚੱਲ ਰਹੀ ਹੈ। ਉਨ੍ਹਾਂ ਜਥੇਬੰਦੀਆਂ ਦੀ ਏਕਤਾ ਵਿੱਚ ਅੜਿੱਕਾ ਡਾਹੁਣ ਵਾਲੇ ਆਗੂਆਂ ’ਤੇ ਤਿੱਖੇ ਸਵਾਲ ਚੁੱਕੇ ਹਨ। ਬਲਾਕ ਪ੍ਰਧਾਨ ਸਾਬ ਸਿੰਘ ਮਮਦੋਟ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਕੈਬਨਿਟ ਮੀਟਿੰਗ ਵਿਚ ਲੈਂਡ ਪੋਲਿੰਗ ਪਾਲਸੀ ਵਿੱਚ ਫਰੇਬੀ ਬਦਲਾਅ ਕੀਤੇ ਗਏ ਹਨ। ਸਰਕਾਰ ਇਸ ਨੂੰ ਕਿਸਾਨਾਂ ਦੇ ਭਲੇ ਵਾਲੀ ਸਕੀਮ ਵਜੋਂ ਪ੍ਰਚਾਰ ਰਹੀ ਹੈ, ਪਰ ਅਸਲ ਵਿੱਚ ਇਹ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਕੋਲ ਗਿਰਵੀ ਰੱਖਣ ਦੀ ਡੂੰਘੀ ਸਾਜ਼ਿਸ਼ ਹੈ। ਇਸ ਵਿਰੁੱਧ ਦੇਸ਼ ਦੀਆਂ ਕਿਸਾਨ ਜਥੇਬੰਦੀਆਂ ਚੰਡੀਗੜ੍ਹ ਵਿੱਚ ਨਿਰੰਤਰ ਮੀਟਿੰਗਾਂ ਕਰਕੇ ਏਕਤਾ ਮਜ਼ਬੂਤ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ (ਗੈਰ-ਰਾਜਨੀਤਕ) ਦੇ ਕੌਮੀ ਕਨਵੀਨਰ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਸਮੂਹ ਜਥੇਬੰਦੀਆਂ ਐਮ.ਐਸ.ਪੀ. ਦੀ ਕਾਨੂੰਨੀ ਗਾਰੰਟੀ, ਕਰਜ਼ਾ ਮੁਆਫ਼ੀ ਅਤੇ ਡਾ. ਸਵਾਮੀਨਾਥਨ ਰਿਪੋਰਟ ਲਾਗੂ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀਆਂ ਹਨ। ਦੂਜੇ ਪਾਸੇ, ਐਸ.ਕੇ.ਐਮ. ਵਿਚ ਸ਼ਾਮਲ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਆਗੂ ਗੁਰਮੀਤ ਸਿੰਘ ਮਹਿਮਾ ਵੱਲੋਂ ਡੱਲੇਵਾਲ ਖ਼ਿਲਾਫ਼ ਕੂੜ ਪ੍ਰਚਾਰ ਕਰਨਾ ਅਤੇ ਪੋਸਟਾਂ ਪਾਉਣਾ ਕਿਸਾਨੀ ਪਿੱਠ ਵਿੱਚ ਛੁਰਾ ਮਾਰਨ ਬਰਾਬਰ ਹੈ। ਇਹ ਸਮਝਣ ਦੀ ਲੋੜ ਹੈ ਕਿ ਇਹ ਸਭ ਕਿਸ ਦੇ ਇਸ਼ਾਰੇ ’ਤੇ ਕਿਸਾਨੀ ਏਕਤਾ ਨੂੰ ਤੋੜਨ ਲਈ ਕੀਤਾ ਜਾ ਰਿਹਾ ਹੈ। ਐਸ.ਕੇ.ਐਮ. ਆਗੂਆਂ ਦਾ ਏਕਤਾ ਮੀਟਿੰਗਾਂ ਵਿੱਚ ਸ਼ਾਮਲ ਨਾ ਹੋਣਾ ਉਨ੍ਹਾਂ ਦੀ ਨੀਅਤ ’ਤੇ ਸਵਾਲ ਖੜ੍ਹੇ ਕਰਦਾ ਹੈ। ਇਸ ਤੋਂ ਇਲਾਵਾ, ਗੁਰਮੀਤ ਸਿੰਘ ਮਹਿਮਾ ਵੱਲੋਂ ਫਿਰੋਜ਼ਪੁਰ ਛਾਉਣੀ ਦੇ ਖਾਲਸਾ ਗੁਰਦੁਆਰਾ ਸਾਹਿਬ ਵਿਖੇ ਮਮਦੋਟ ਦੇ ਦੁਕਾਨਦਾਰਾਂ ਨਾਲ ਹੋਏ ਝਗੜੇ ਸਬੰਧੀ ਰੱਖੀ ਮੀਟਿੰਗ ਬਾਰੇ ਸਾਬ ਸਿੰਘ ਨੇ ਸਪੱਸ਼ਟ ਕੀਤਾ ਕਿ ਬੀ.ਕੇ.ਯੂ. ਏਕਤਾ ਸਿੱਧੂਪੁਰ ਦਾ ਕੋਈ ਵੀ ਆਗੂ ਜਾਂ ਮੈਂਬਰ ਇਸ ਵਿੱਚ ਸ਼ਾਮਲ ਨਹੀਂ ਹੋਇਆ। ਕ੍ਰਾਂਤੀਕਾਰੀ ਯੂਨੀਅਨ ਦਾ ਇਹ ਦਾਅਵਾ ਝੂਠਾ ਹੈ ਕਿ ਉੱਥੇ ਸਭ ਜਥੇਬੰਦੀਆਂ ਪਹੁੰਚੀਆਂ ਸਨ। ਉਨ੍ਹਾਂ ਦੱਸਿਆ ਕਿ ਖ਼ੁਦਕੁਸ਼ੀ ਕਰਨ ਵਾਲੇ ਗੁਰਜੰਟ ਸਿੰਘ (ਵਾਸੀ ਬਸਤੀ ਪਠਾਣਾਂ ਵਾਲੀ) ਦੇ ਪਰਿਵਾਰ ਦਾ ਪੁਲਿਸ ਅਤੇ ਇਲਾਕੇ ਦੇ ਮੋਹਤਬਰਾਂ ਦੀ ਹਾਜ਼ਰੀ ਵਿੱਚ ਦੁਕਾਨਦਾਰਾਂ ਨਾਲ ਰਾਜ਼ੀਨਾਮਾ ਹੋ ਚੁੱਕਾ ਹੈ ਅਤੇ ਧਰਨਾ ਵੀ ਸਮਾਪਤ ਹੋ ਗਿਆ ਹੈ। ਪਰ ਜੇਕਰ ਭਵਿੱਖ ਵਿੱਚ ਪੀੜਤ ਪਰਿਵਾਰ ਨਾਲ ਕੋਈ ਧੱਕਾ ਹੁੰਦਾ ਹੈ, ਤਾਂ ਸਿੱਧੂਪੁਰ ਜਥੇਬੰਦੀ ਹਮੇਸ਼ਾ ਉਨ੍ਹਾਂ ਦੇ ਨਾਲ ਖੜ੍ਹੇਗੀ।

