ਮੁਹੱਲਾ ਕਲੀਨਿਕਾਂ ਦੇ ਉਦਘਾਟਨਾ ਕਰਨ ਵਾਲ਼ੇ ਵਿਧਾਇਕ ਆਪਣੇ ਸ਼ਹਿਰ ਅੰਦਰ ਸਰਕਾਰੀ ਹਸਪਤਾਲ ਵੀ ਨਹੀਂ ਬਚਾ ਸਕੇ
ਮੁਹੱਲਾ ਕਲੀਨਿਕਾਂ ਦੇ ਉਦਘਾਟਨਾ ਕਰਨ ਵਾਲ਼ੇ ਵਿਧਾਇਕ ਆਪਣੇ ਸ਼ਹਿਰ ਅੰਦਰ ਸਰਕਾਰੀ ਹਸਪਤਾਲ ਵੀ ਨਹੀਂ ਬਚਾ ਸਕੇ

ਫਿਰੋਜ਼ਪੁਰ 27 ਜੁਲਾਈ (ਪੱਤਰਕਾਰ ਗੁਰਪ੍ਰੀਤ ਭੁੱਲਰ ): ਬੀਤੇ ਦਿਨ ਫਿਰੋਜ਼ਪੁਰ ਵਿੱਚ ਤਿੰਨ ਨਵੇਂ ਆਮ ਆਦਮੀ ਮੁਹੱਲਾ ਕਲੀਨਿਕਾਂ ਦਾ ਉਦਘਾਟਨ ਕਰਨ ਵੇਲੇ ਲੋਕਾਂ ਨੂੰ ਫਰੀ ਇਲਾਜ ਮੁੱਹਈਆ ਕਰਾਉਣ ਦਾ ਦਾਅਵਾ ਕਰਨ ਵਾਲ਼ੇ ਹਲਕਾ ਵਿਧਾਇਕ ਉੱਪਰ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਮਹਿਮਾਂ ਵੱਲੋਂ ਤੰਜ ਕੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਹਤ ਕ੍ਰਾਂਤੀ ਦੇ ਦਾਅਵੇ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਹਲਕਾ ਫਿਰੋਜ਼ਪੁਰ ਸ਼ਹਿਰੀ ਦੇ ਵਿਧਾਇਕ ਆਪਣੇ ਹੀ ਸ਼ਹਿਰ ਅੰਦਰ ਆਮ ਲੋਕਾਂ ਨੂੰ ਮਾੜੀ ਮੋਟੀ ਸਿਹਤ ਸਹੂਲਤ ਪ੍ਰਦਾਨ ਕਰਨ ਵਾਲਾ ਸਿਵਲ ਹਸਪਤਾਲ ਨਿੱਜੀ ਹੱਥਾਂ ਵਿੱਚ ਜਾਣ ਤੋਂ ਨਹੀਂ ਰੋਕ ਸਕੇ ਸਗੋਂ ਸਿਵਲ ਹਸਪਤਾਲ ਵਿੱਚ ਪ੍ਰਾਈਵੇਟ ਹਸਪਤਾਲ ਦੀ ਓਪੀਡੀ ਸ਼ੂਰੂ ਹੋਣ ਤੇ ਸਾਜਸ਼ੀ ਚੁੱਪ ਧਾਰ ਕੇ ਨਿੱਜੀਕਰਨ ਦੇ ਪੱਖ ਵਿੱਚ ਭੁਗਤ ਰਹੇ ਹਨ। ਕਿਸਾਨ ਸਟੂਡੈਂਟ ਯੂਨੀਅਨ ਦੇ ਪ੍ਰਧਾਨ ਜਗਰੂਪ ਸਿੰਘ ਭੁੱਲਰ ਨੇ ਕਿਹਾ ਕਿ ਦੇਸ਼ ਦੀ ਮਾੜੀ ਸਿੱਖਿਆ ਪ੍ਰਣਾਲੀ ਦੇ ਖਿਲਾਫ ਦੇਸ਼ ਦੇ ਵਿਦਿਆਰਥੀ ਨੌਜਵਾਨ ਲੜ ਰਹੇ ਹਨ, ਜਿਨ੍ਹਾਂ ਉੱਪਰ ਮੋਦੀ ਸਰਕਾਰ ਨੇ ਤਸ਼ਦੱਦ ਕੀਤਾ ਹੈ। ਉਹਨਾਂ ਕਿਹਾ ਕਿ ਇਕ ਪਾਸੇ ਮੋਦੀ ਸਰਕਾਰ ਦੇ ਜਬਰ ਖਿਲਾਫ਼ ਫ਼ਿਰੋਜ਼ਪੁਰ ਦੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਥਾਲੀਆਂ ਕੁੱਟ ਰਹੀ ਹੈ ਅਤੇ ਦੂਜੇ ਪਾਸੇ ਉਹਨਾਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਅੰਦਰ ਹੱਕ ਮੰਗ ਰਹੇ ਕਿਸਾਨਾਂ ਮਜਦੂਰਾਂ ਅਤੇ ਮੁਲਾਜਮਾਂ ਨੂੰ ਲਗਾਤਾਰ ਕੁੱਟ ਰਹੀ ਹੈ ਅਤੇ ਜਬਰ ਦੇ ਰਾਹ ਪਈ ਹੋਈ ਹੈ। ਇਸ ਪ੍ਰਤੀ ਸਰਕਾਰ ਅਤੇ ਆਮ ਆਦਮੀ ਪਾਰਟੀ ਦੇ ਇਹਨਾਂ ਆਗੂਆਂ ਤੇ ਕਾਰਕੁਨਾ ਦਾ ਦੋਗਲਾ ਰਵੱਈਆ ਸਾਹਮਨੇ ਆ ਰਿਹਾ ਹੈ। ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ ਦੇ ਜ਼ਿਲ੍ਹਾ ਫ਼ਿਰੋਜ਼ਪੁਰ ਪ੍ਰਧਾਨ ਮਲਕੀਤ ਸਿੰਘ ਹਰਾਜ ਨੇ ਕਿਹਾ ਕਿ ਸਿੱਖਿਆ ਕ੍ਰਾਂਤੀ ਦੇ ਨਕਲੀ ਮਾਡਲ ਵਾਲੀ ਸਰਕਾਰ ਇੱਕ ਪਾਸੇ ਅਧਿਆਪਕਾਂ ਤੋਂ ਬਹੁਤ ਵੱਡੀ ਪੱਧਰ ਤੇ ਗ਼ੈਰ ਵਿਦਿਅਕ ਕੰਮ ਲੈ ਰਹੀ ਹੈ, ਜਿਸ ਨਾਲ ਬੱਚਿਆਂ ਦੀ ਪੜ੍ਹਾਈ ਪ੍ਰਭਾਵਤ ਹੋ ਰਹੀ, ਉੱਥੇ ਨਾ ਸਿਰਫ਼ ਅਧਿਆਪਕਾਂ ਦੇ ਮਹਿੰਗਾਈ ਭੱਤੇ, ਪੁਰਾਣੀ ਪੈਨਸ਼ਨ ਦੇਣ ਤੋਂ ਸ਼ਰੇਆਮ ਟਾਲਾ ਵੱਟ ਲਿਆ ਹੈ। ਇਸਦੇ ਨਾਲ ਹੀ ਏਡਿਡ ਸਕੂਲਾਂ ਦੇ ਦੇ ਅਧਿਆਪਕਾਂ ਦੀ ਪਿਛਲੇ 16 ਮਹੀਨਿਆਂ ਦੀ ਤਨਖਾਹ ਨਹੀਂ ਜਾਰੀ ਕੀਤੀ ਗਈ। ਜਿਸ ਨਾਲ ਅਖੌਤੀ ਸਿੱਖਿਆ ਕ੍ਰਾਂਤੀ ਬਸ ਗੱਲ ਅਤੇ ਪੋਸਟਰਾਂ ਤੱਕ ਸੀਮਤ ਰਹਿ ਗਈ ਹੈ।


