ਮੀਰੀ ਪੀਰੀ ਖਾਲਸਾ ਮਾਰਚ ਦਾ ਫਿਰੋਜ਼ਪੁਰ ਪਹੁੰਚਣ ’ਤੇ ਸੰਗਤਾਂ ਵੱਲੋਂ ਭਵਾਨੀ ਸਵਾਗਤ
ਮੀਰੀ ਪੀਰੀ ਖਾਲਸਾ ਮਾਰਚ ਦਾ ਫਿਰੋਜ਼ਪੁਰ ਪਹੁੰਚਣ ’ਤੇ ਸੰਗਤਾਂ ਵੱਲੋਂ ਭਵਾਨੀ ਸਵਾਗਤ

ਮੀਰੀ ਪੀਰੀ ਖਾਲਸਾ ਮਾਰਚ ਦਾ ਫਿਰੋਜ਼ਪੁਰ ਪਹੁੰਚਣ ’ਤੇ ਸੰਗਤਾਂ ਵੱਲੋਂ ਭਵਾਨੀ ਸਵਾਗ
-ਸਿੱਖੀ ਸਿਧਾਂਤਾਂ ਦੇ ਪ੍ਰਚਾਰ ਅਤੇ ਪੁਰਾਤਨ ਸ਼ਸਤਰਾਂ ਦੇ ਦਰਸ਼ਨਾਂ ਲਈ ਕੱਢਿਆ ਜਾ ਰਿਹਾ ਹੈ ਨਗਰ ਕੀਰਤਨ
ਫਿਰੋਜ਼ਪੁਰ 31 ਜੁਲਾਈ (
): ਛੇਵੀਂ ਪਾਤਸ਼ਾਹੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਮੀਰੀ ਪੀਰੀ ਖਾਲਸਾ ਮਾਰਚ (ਨਗਰ ਕੀਰਤਨ) ਫਿਰੋਜ਼ਪੁਰ ਸ਼ਹਿਰ ਵਿਖੇ ਪਹੁੰਚਣ ’ਤੇ ਸੰਗਤਾਂ ਵੱਲੋਂ ਭਰਵਾਂ ਅਤੇ ਨਿੱਘਾ ਸਵਾਗਤ ਕੀਤਾ ਗਿਆ। ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ (ਕਾਰਜਕਾਰੀ ਜਥੇਦਾਰ, ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਅਗਵਾਈ ਹੇਠ ਚੱਲ ਰਹੇ ਇਸ ਨਗਰ ਕੀਰਤਨ ਵਿੱਚ ਸੰਗਤਾਂ ਨੇ ਗੁਰੂ ਸਾਹਿਬ ਜੀ ਦੀ ਪਾਲਕੀ ਅਤੇ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਦੀਦਾਰੇ ਕੀਤੇ। ਮੀਰੀ ਪੀਰੀ ਦੇ ਮਾਲਕ, ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਮੀਰੀ ਪੀਰੀ ਦਿਵਸ ਨੂੰ ਸਮਰਪਿਤ ਵਿਸ਼ੇਸ਼ ’ਮੀਰੀ ਪੀਰੀ ਖਾਲਸਾ ਮਾਰਚ’ ਨਗਰ ਕੀਰਤਨ ਫਿਰੋਜ਼ਪੁਰ ਸ਼ਹਿਰ ਵਿਖੇ ਪਹੁੰਚਿਆ। ਇੱਥੇ ਪਹੁੰਚਣ ’ਤੇ ਦੂਰ-ਦੁਰਾਡੇ ਤੋਂ ਆਈਆਂ ਵੱਡੀ ਗਿਣਤੀ ਸੰਗਤਾਂ ਨੇ ਨਗਰ ਕੀਰਤਨ ਦਾ ਪੂਰੀ ਸ਼ਰਧਾ ਅਤੇ ਉਤਸ਼ਾਹ ਨਾਲ ਨਿੱਘਾ ਸਵਾਗਤ ਕੀਤਾ। ਦੱਸਣਯੋਗ ਹੈ ਕਿ ਇਹ ਮਹਾਨ ਨਗਰ ਕੀਰਤਨ 27 ਜੁਲਾਈ ਨੂੰ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ, ਸ੍ਰੀ ਗੋਇੰਦਵਾਲ ਸਾਹਿਬ (ਤਰਨ ਤਾਰਨ) ਤੋਂ ਅਰੰਭ ਹੋਇਆ ਸੀ। ਵੱਖ-ਵੱਖ ਪੜਾਅ ਤੈਅ ਕਰਦਿਆਂ ਅਤੇ ਸੰਗਤਾਂ ਨੂੰ ਨਿਹਾਲ ਕਰਦਿਆਂ ਇਹ ਨਗਰ ਕੀਰਤਨ 29 ਜੁਲਾਈ ਨੂੰ ਗੁਰਦੁਆਰਾ ਜਾਮਨੀ ਸਾਹਿਬ (ਪਾਤਸ਼ਾਹੀ ਦਸਵੀਂ, ਬਜੀਦਪੁਰ ਸਾਹਿਬ, ਫਿਰੋਜ਼ਪੁਰ) ਵਿਖੇ ਰਾਤ ਦੇ ਵਿਸ਼ਰਾਮ ਲਈ ਰੁਕਿਆ ਸੀ। ਇਸ ਤੋਂ ਬਾਅਦ 30 ਜੁਲਾਈ ਦੀ ਸਵੇਰ ਨੂੰ ਅਰੰਭ ਹੋ ਕੇ ਇਹ ਸ਼ਹਿਰ ਵਿੱਚ ਦਾਖਲ ਹੋਇਆ। ਇਸ ਨਗਰ ਕੀਰਤਨ ਦੀ ਰੂਹਾਨੀ ਅਗਵਾਈ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ, ਕਾਰਜਕਾਰੀ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕਰ ਰਹੇ ਹਨ। ਸ਼ਹਿਰ ਵਿੱਚ ਆਗਮਨ ਸਮੇਂ ਵੱਖ-ਵੱਖ ਸਿੱਖ ਸੰਸਥਾਵਾਂ ਅਤੇ ਆਮ ਸ਼ਰਧਾਲੂਆਂ ਵੱਲੋਂ ਨਗਰ ਕੀਰਤਨ ਵਿੱਚ ਸ਼ਾਮਲ ਸੰਗਤਾਂ ਲਈ ਥਾਂ-ਥਾਂ ’ਤੇ ਲੰਗਰ ਲਗਾਏ ਗਏ। ਇਸ ਨਗਰ ਕੀਰਤਨ ਨੂੰ ਆਯੋਜਿਤ ਕਰਨ ਦਾ ਮੁੱਖ ਉਦੇਸ਼ ਉਨ੍ਹਾਂ ਸ਼ਰਧਾਲੂਆਂ ਨੂੰ ਗੁਰੂ ਸਾਹਿਬ ਜੀ ਦੇ ਪੁਰਾਤਨ ਸ਼ਸਤਰਾਂ ਦੇ ਦਰਸ਼ਨ ਕਰਵਾਉਣਾ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਜਾਂ ਹੋਰ ਇਤਿਹਾਸਕ ਅਸਥਾਨਾਂ ’ਤੇ ਆਪ ਨਹੀਂ ਜਾ ਸਕਦੇ। ਇਸ ਦੇ ਨਾਲ ਹੀ ਸੰਗਤਾਂ ਨੂੰ ਸਿੱਖੀ ਸਿਧਾਂਤਾਂ ਨਾਲ ਜੋੜਨਾ, ਗੁਰੂ ਸਾਹਿਬਾਨ ਵੱਲੋਂ ਦਰਸਾਏ ਸੱਚੇ-ਸੁੱਚੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦੇਣਾ ਅਤੇ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੀ ਭੈੜੀ ਲਾਹਣਤ ਤੇ ਕੋੜ੍ਹ ਤੋਂ ਦੂਰ ਰੱਖਣਾ ਹੈ। ਵੱਖ-ਵੱਖ ਪਿੰਡਾਂ, ਨਗਰਾਂ ਅਤੇ ਕਸਬਿਆਂ ਤੋਂ ਹੁੰਦਾ ਹੋਇਆ ਇਹ ਨਗਰ ਕੀਰਤਨ ਅੱਜ ਰਾਤ ਦੇ ਠਹਿਰਾਅ ਲਈ ਗੁਰਦੁਆਰਾ ਖ਼ਾਲਸਾ ਦੀਵਾਨ, ਫਰੀਦਕੋਟ ਵਿਖੇ ਪਹੁੰਚੇਗਾ, ਜਿੱਥੇ ਸੰਗਤਾਂ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਇਸ ਦਾ ਸਵਾਗਤ ਕੀਤਾ ਜਾਵੇਗਾ।



