ਸਿੱਖ ਕੰਨਿਆ ਮਹਾ ਵਿਦਿਆਲੇ ਵਿਖੇ ਪੀ.ਸੀ. ਕੁਮਾਰ ਦੀ ਪੁਸਤਕ ਰੋਸ਼ਨੀ ਦੀ ਰਾਹ ਲੋਕ ਅਰਪਣ
ਸਿੱਖ ਕੰਨਿਆ ਮਹਾ ਵਿਦਿਆਲੇ ਵਿਖੇ ਪੀ.ਸੀ. ਕੁਮਾਰ ਦੀ ਪੁਸਤਕ ਰੋਸ਼ਨੀ ਦੀ ਰਾਹ ਲੋਕ ਅਰਪਣ


ਫਿਰੋਜ਼ਪੁਰ 19 ਜੁਲਾਈ () : ਸਿੱਖ ਕੰਨਿਆ ਮਹਾ ਵਿਦਿਆਲੇ ਵਿਖੇ ਇੱਕ ਵਿਸ਼ੇਸ਼ ਅਤੇ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ਵਿਚ ਇਲਾਕੇ ਦੀਆਂ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਵਿਚ ਪੀ.ਸੀ. ਕੁਮਾਰ ਵੱਲੋਂ ਲਿਖੀ ਗਈ ਬਹੁਮੁੱਲੀ ਪੁਸਤਕ ਰੋਸ਼ਨੀ ਦੀ ਰਾਹ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਰਿਲੀਜ਼ ਕਰਨ ਦੀ ਰਸਮ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਦਵਿੰਦਰ ਕਪੂਰ ਅਤੇ ਉਨ੍ਹਾਂ ਦੀ ਧਰਮ ਪਤਨੀ ਮੈਡਮ ਸਵੀਤਾ ਕਪੂਰ ਕੌਂਸਲਰ ਵੱਲੋਂ ਸਾਂਝੇ ਤੌਰ ਤੇ ਨਿਭਾਈ ਗਈ। ਇਸ ਮੌਕੇ ਸਿੱਖ ਕੰਨਿਆ ਸਕੂਲ ਦੀ ਪ੍ਰਿੰਸੀਪਲ ਮੈਡਮ ਸੀਮਾ, ਟੀਚਰ ਪੁਸ਼ਪਿੰਦਰ ਕੌਰ, ਮਧੂਬਾਲਾ, ਮਨਪ੍ਰੀਤ ਕੌਰ, ਹਰਪ੍ਰੀਤ ਕੌਰ, ਕਿਰਨ, ਸੋਨਤ, ਵੈਸ਼ਾਲੀ, ਸ਼ਕੀਲਾ, ਗੀਤਾ, ਪੂਨਮ ਅਤੇ ਅਮਨ ਸਣੇ ਸਮੁੱਚਾ ਸਟਾਫ਼ ਅਤੇ ਵਡੀ ਗਿਣਤੀ ਵਿੱਚ ਸਕੂਲੀ ਵਿਦਿਆਰਥੀ ਹਾਜ਼ਰ ਸਨ। ਸਮਾਗਮ ਦੌਰਾਨ ਬੱਚਿਆਂ ਅਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਲੇਖਕ ਪੀ.ਸੀ. ਕੁਮਾਰ ਦੱਸਿਆ ਕਿ ਇਹ ਕਿਤਾਬ ਉਨ੍ਹਾਂ ਨੇ ਆਪਣੀ ਸਵਰਗੀ ਧਰਮ ਪਤਨੀ ਦਰਸ਼ਨਾ ਦੇਵੀ ਦੀ ਪ੍ਰੇਰਨਾ ਸਦਕਾ ਲਿਖੀ ਹੈ। ਉਨ੍ਹਾਂ ਭਰੇ ਮਨ ਨਾਲ ਕਿਹਾ ਕਿ ਭਾਵੇਂ ਅੱਜ ਉਨ੍ਹਾਂ ਦੀ ਪਤਨੀ ਇਸ ਫ਼ਾਨੀ ਸੰਸਾਰ ਵਿਚ ਨਹੀਂ ਹਨ, ਪਰ ਉਨ੍ਹਾਂ ਦੀਆਂ ਯਾਦਾਂ ਹਮੇਸ਼ਾ ਉਨ੍ਹਾਂ ਦੇ ਦਿਲ ਵਿਚ ਜ਼ਿੰਦਾ ਰਹਿਣਗੀਆਂ। ਆਪਣੇ ਬੀਤੇ ਦਿਨਾਂ ਨੂੰ ਯਾਦ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਪਤਨੀ ਸਵੇਰੇ ਜਲਦੀ ਉੱਠ ਕੇ ਰੋਜ਼ਾਨਾ ਗਰੀਬਾਂ ਅਤੇ ਲੋੜਵੰਦਾਂ ਲਈ ਰੋਟੀ ਸਬਜ਼ੀ ਪਕਾਉਂਦੇ ਸਨ ਅਤੇ ਉਹ ਖੁਦ (ਪੀ.ਸੀ. ਕੁਮਾਰ) ਰੂਟੀਨ ਵਿਚ ਇਸ ਖਾਣੇ ਨੂੰ ਲੋੜਵੰਦਾਂ ਤੱਕ ਪਹੁੰਚਾਉਂਦੇ ਸਨ। ਇਹ ਸੇਵਾ ਕਾਰਜ ਉਨ੍ਹਾਂ ਵੱਲੋਂ ਲੰਮੇ ਸਮੇਂ ਤੱਕ ਨਿਰੰਤਰ ਚਲਾਇਆ ਗਿਆ। ਇਸ ਦੇ ਨਾਲ ਹੀ ਉਹ ਪਿਛਲੇ ਪੰਜ ਦਹਾਕਿਆਂ ਤੋਂ ਲਗਾਤਾਰ ਸਕੂਲਾਂ ਵਿਚ ਜਾ ਕੇ ਬੱਚਿਆਂ ਨੂੰ ਮੁਫ਼ਤ ਧਾਰਮਿਕ ਅਤੇ ਨੈਤਿਕ ਸਿੱਖਿਆ ਦੇ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਸਾਬਕਾ ਪ੍ਰਧਾਨ ਦਵਿੰਦਰ ਕਪੂਰ ਨੇ ਲੇਖਕ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੀ.ਸੀ. ਕੁਮਾਰ ਬਹੁਤ ਹੀ ਨੇਕ ਅਤੇ ਵਧੀਆ ਇਨਸਾਨ ਹਨ, ਉਹ ਗਿਆਨ ਦੇ ਅਥਾਹ ਭੰਡਾਰ ਹਨ, ਜੋ ਪਿਛਲੇ 50 ਸਾਲਾਂ ਤੋਂ ਹਰ ਰੋਜ਼ ਸਵੇਰੇ 8 ਵਜੇ ਸਕੂਲਾਂ ਵਿੱਚ ਪਹੁੰਚ ਕੇ ਬੱਚਿਆਂ ਨੂੰ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਹਨ। ਉਨ੍ਹਾਂ ਕਿਹਾ ਕਿ ਕੁਮਾਰ ਵੱਲੋਂ ਵੰਡਿਆ ਜਾ ਰਿਹਾ ਇਹ ਗਿਆਨ ਸਕੂਲੀ ਬੱਚਿਆਂ, ਅਧਿਆਪਕਾਂ ਅਤੇ ਸਮਾਜ ਦੇ ਹਰ ਵਰਗ ਲਈ ਚਾਨਣ ਮੁਨਾਰਾ ਹੈ। ਸਕੂਲ ਪ੍ਰਿੰਸੀਪਲ ਮੈਡਮ ਸੀਮਾ ਨੇ ਸਮਾਗਮ ਵਿੱਚ ਪਹੁੰਚੀਆਂ ਸਾਰੀਆਂ ਸਖ਼ਸ਼ੀਅਤਾਂ ਦਾ ਨਿੱਘਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਭਾਵੇਂ ਇਸ ਵੇਲੇ ਕੁਮਾਰ ਕਾਫੀ ਬਜ਼ੁਰਗ ਹੋ ਚੁੱਕੇ ਹਨ, ਪਰ ਫਿਰ ਵੀ ਉਨ੍ਹਾਂ ਦੇ ਅੰਦਰ ਬੱਚਿਆਂ ਨੂੰ ਸਿੱਖਿਅਤ ਕਰਨ ਦਾ ਜਜ਼ਬਾ ਬਰਕਰਾਰ ਹੈ। ਇਸ ਬਜ਼ੁਰਗ ਅਵਸਥਾ ਵਿੱਚ ਵੀ ਉਨ੍ਹਾਂ ਦੀ ਲਗਾਤਾਰ ਮਿਹਨਤ ਅਤੇ ਸਮਾਜ ਪ੍ਰਤੀ ਸਮਰਪਣ ਬਹੁਤ ਹੀ ਸਲਾਹੁਣਯੋਗ ਅਤੇ ਮਾਣਮੱਤਾ ਉਪਰਾਲਾ ਹੈ। ਸਮਾਗਮ ਦੇ ਅਖੀਰ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ।


