ਸਰਕਾਰ ਦੀ ਮੁਲਾਜ਼ਮ ਮਾਰੀ ਨੀਤੀ ਅਣਗਹਿਲੀ ਕਾਰਨ ਆਯੁਸ਼ਮਾਨ ਆਰੋਗਿਆ ਕੇਂਦਰਾਂ ’ਤੇ ਲੱਗੇ ਤਾਲੇ
ਸੀ.ਐੱਚ.ਓ ਐਸੋਸੀਏਸ਼ਨ ਵਲੋਂ ਪੰਜਾਬ ਭਰ ਵਿੱਚ ਲਗਾਏ ਰੋਸ ਪੋਸਟਰ

– 
ਫ਼ਿਰੋਜ਼ਪੁਰ 8 ਅਗਸਤ (gurpreet singh ): ਪੰਜਾਬ ਦੇ ਪਿੰਡਾਂ ਵਿਚ ਲੋਕਾਂ ਨੂੰ ਮੁੱਢਲੀਆਂ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਾਲੇ ਆਯੁਸ਼ਮਾਨ ਆਰੋਗਿਆ ਕੇਂਦਰਾਂ ਵਿਚ ਕੰਮ ਕਰ ਰਹੇ ਕਮਿਊਨਿਟੀ ਹੈੱਲਥ ਅਫ਼ਸਰਾਂ (ਸੀ.ਐੱਚ.ਓ) ਵਲੋਂ ਆਪਣੀਆਂ ਜਾਇਜ਼ ਵਿੱਤੀ ਅਤੇ ਸੇਵਾ ਸਬੰਧੀ ਮੰਗਾਂ ਲਈ ਚੱਲ ਰਹੇ ਸੰਘਰਸ਼ ਤਹਿਤ ਸੂਬੇ ਭਰ ਦੇ ਸਿਹਤ ਕੇਂਦਰਾਂ ’ਤੇ ਰੋਸ ਅਤੇ ਜਾਗਰੂਕਤਾ ਪੋਸਟਰ ਲਗਾਏ ਗਏ। ਇਨ੍ਹਾਂ ਪੋਸਟਰਾਂ ਰਾਹੀਂ ਪਿੰਡਾਂ ਦੇ ਲੋਕਾਂ ਨੂੰ ਸੰਦੇਸ਼ ਦਿੱਤਾ ਗਿਆ ਕਿ ਸਿਹਤ ਕੇਂਦਰਾਂ ’ਤੇ ਲੱਗੇ ਤਾਲੇ ਸੀ.ਐੱਚ.ਓ ਦੀ ਮਰਜ਼ੀ ਨਾਲ ਨਹੀਂ, ਬਲਕਿ ਸਰਕਾਰ ਅਤੇ ਸਿਹਤ ਵਿਭਾਗ ਦੀ ਲਗਾਤਾਰ ਅਣਗਹਿਲੀ ਕਾਰਨ ਲੱਗੇ ਹਨ। ਯੂਨੀਅਨ ਆਗੂ ਕਮਿਊਨਿਟੀ ਹੈੱਲਥ ਅਫਸਰ ਨਰਿੰਦਰ ਸਿੰਘ ਅਤੇ ਡਾਕਟਰ ਪ੍ਰੀਤ ਮੁਖੀਜਾ ਨੇ ਕਿਹਾ ਕਿ ਸਰਕਾਰ ਵਲੋਂ ਤਨਖਾਹ ਵਿਚ ਸਥਾਈ ਵਾਧੇ ਵਜੋਂ ਦੇਣ ਦੀ ਬਜਾਏ ਇੰਸੈਂਟਿਵ ਨਾਲ ਜੋੜ ਕੇ ਬੈਂਚਮਾਰਕ ਦੀਆਂ ਸ਼ਰਤਾਂ ਲਗਾਈਆਂ ਗਈਆਂ ਹਨ, ਜਿਸ ਦਾ ਸੀ.ਐੱਚ.ਓ ਐਸੋਸੀਏਸ਼ਨ ਵੱਲੋਂ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੀ.ਐੱਚ.ਓ ਦਾ ਰੈਗੂਲਰ ਕੈਡਰ, ਲੌਇਲਟੀ ਬੋਨਸ, ਤਨਖਾਹ ਅਤੇ ਇੰਸੈਂਟਿਵ ਨੂੰ ਮਰਜ ਕਰਨਾ ਅਤੇ ਹੋਰ ਜਾਇਜ਼ ਮੰਗਾਂ ਵੀ ਅਜੇ ਤੱਕ ਹੱਲ ਨਹੀਂ ਕੀਤੀਆਂ ਗਈਆਂ। ਆਗੂਆਂ ਨੇ ਕਿਹਾ ਕਿ ਸੀ.ਐੱਚ.ਓ ਪਿੰਡਾਂ ਦੇ ਲੋਕਾਂ ਨੂੰ ਬੀ.ਪੀ, ਸ਼ੂਗਰ, ਮਾਤਾ-ਬੱਚਾ ਸਿਹਤ ਅਤੇ ਹੋਰ ਮੁੱਢਲੀਆਂ ਸਿਹਤ ਸੇਵਾਵਾਂ ਦੇਣ ਲਈ ਹਮੇਸ਼ਾ ਤਿਆਰ ਰਹੇ ਹਨ। ਪਰ ਸਰਕਾਰ ਦੀ ਅਣਗਹਿਲੀ ਕਾਰਨ ਅੱਜ ਪਿੰਡਾਂ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਤੋਂ ਵਾਂਝਾ ਹੋਣਾ ਪੈ ਰਿਹਾ ਹੈ ਅਤੇ ਇਸ ਦੀ ਜ਼ਿੰਮੇਵਾਰੀ ਸਰਕਾਰ ਅਤੇ ਸਿਹਤ ਵਿਭਾਗ ਦੀ ਹੈ। ਆਗੂਆਂ ਨੇ ਦੱਸਿਆ ਕਿ 10 ਅਗਸਤ ਦੇ ਐੱਨ.ਐੱਚ.ਐੱਮ ਦਫ਼ਤਰ, ਪੰਜਾਬ ਵਿਖੇ ਧਰਨੇ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ, ਜਿਸ ਵਿਚ ਵੱਡੀ ਸੰਖਿਆ ’ਚ ਸੀ.ਐੱਚ.ਓ ਸ਼ਮੂਲੀਅਤ ਕਰਨਗੇ। ਸੀ.ਐੱਚ.ਓ ਐਸੋਸੀਏਸ਼ਨ ਪੰਜਾਬ ਨੇ ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸੀ.ਐੱਚ.ਓ ਦੀਆਂ ਜਾਇਜ਼ ਮੰਗਾਂ ਨੂੰ ਸਮਝਣ ਅਤੇ ਇਸ ਸੰਘਰਸ਼ ਵਿਚ ਆਪਣਾ ਸਹਿਯੋਗ ਦੇਣ। ਯੂਨੀਅਨ ਨੇ ਸਪੱਸ਼ਟ ਕੀਤਾ ਕਿ ਜਦੋਂ ਤੱਕ ਸਰਕਾਰ ਸਾਰੀਆਂ ਜਾਇਜ਼ ਮੰਗਾਂ ਦਾ ਠੋਸ ਅਤੇ ਸਥਾਈ ਹੱਲ ਨਹੀਂ ਕਰਦੀ, ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਕਮਿਊਨਿਟੀ ਹੈੱਲਥ ਅਫਸਰ ਗੌਰਵ, ਨਵਜੀਤ ਸਿੰਘ, ਨੇਹਾ, ਰੁਪਿੰਦਰ ਕੌਰ, ਮਨੀਸ਼ਾ, ਬਲਦੇਵ ਸਿੰਘ, ਡਾਕਟਰ ਸਤਿਨਾਮ ਸਿੰਘ, ਡਾਕਟਰ ਗੁਰਬਚਨ ਸਿੰਘ, ਡਾਕਟਰ ਪ੍ਰੇਮ ਸਿੰਘ ਆਦਿ ਹਾਜ਼ਰ ਸਨ।



