ਵਿਵੇਕਾਨੰਦ ਵਰਲਡ ਸਕੂਲ ਵੱਲੋਂ ‘ਸਿਵਲ ਸਰਵਿਸਿਜ਼ ਸਟੱਡੀ ਸੈਂਟਰ’ ਦੀ ਸ਼ੁਰੂਆਤ
ਵਿਦਿਆਰਥੀ ਸਕੂਲ ਪੱਧਰ ’ਤੇ ਹੀ ਸ਼ੁਰੂ ਕਰਨਗੇ ਪ੍ਰਸ਼ਾਸਨਿਕ ਸੇਵਾਵਾਂ ਦੀ ਤਿਆਰੀ
ਫ਼ਿਰੋਜ਼ਪੁਰ 10 ਜੁਲਾਈ (ਗੁਰਪ੍ਰੀਤ ਸਿੰਘ ਭੁੱਲਰ ਪੱਤਰਕਾਰ): ਖੇਤਰ ਦੀ ਇਕ ਪ੍ਰਮੁੱਖ ਵਿੱਦਿਅਕ ਸੰਸਥਾ ਵਿਵੇਕਾਨੰਦ ਵਰਲਡ ਸਕੂਲ ਨੇ ਆਪਣੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਨੂੰ ਸੁਰੱਖਿਅਤ ਕਰਨ ਅਤੇ ਉਨ੍ਹਾਂ ਨੂੰ ਦੇਸ਼ ਦੇ ਸਰਵਉੱਚ ਅਹੁਦਿਆਂ ’ਤੇ ਪਹੁੰਚਾਉਣ ਵਿਚ ਮਦਦ ਕਰਨ ਲਈ ਇਕ ਬਹੁਤ ਹੀ ਸ਼ਲਾਘਾਯੋਗ ਅਤੇ ਅਹਿਮ ਕਦਮ ਚੁੱਕਿਆ ਹੈ। ਸਕੂਲ ਨੇ ਅਧਿਕਾਰਤ ਤੌਰ ’ਤੇ ‘ਵੀ.ਡਬਲਯੂ.ਐੱਸ. ਸਿਵਲ ਸਰਵਿਸਿਜ਼ ਸਟੱਡੀ ਸੈਂਟਰ’ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ ਦੇ ਤਹਿਤ ਵਿਦਿਆਰਥੀਆਂ ਨੂੰ ਹੁਣ ਸਕੂਲ ਪੱਧਰ ਤੋਂ ਹੀ ਭਾਰਤੀ ਪ੍ਰਸ਼ਾਸਨਿਕ ਸੇਵਾਵਾਂ ਵਰਗੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਲਈ ਮਾਰਗਦਰਸ਼ਨ ਦਿੱਤਾ ਜਾਵੇਗਾ। ਇਸ ਵਿਸ਼ੇਸ਼ ਪ੍ਰੋਗਰਾਮ ਦੇ ਉਦਘਾਟਨੀ ਸੈਸ਼ਨ ਦੀ ਅਗਵਾਈ ਖੁਦ ਸਕੂਲ ਦੇ ਡਾਇਰੈਕਟਰ ਡਾ. ਐੱਸਐੱਨ ਰੁਦਰਾ ਵੱਲੋਂ ਕੀਤੀ ਗਈ। ਉਨ੍ਹਾਂ ਨੇ ਉੱਚ ਸਿਵਲ ਸੇਵਾਵਾਂ ਦੀ ਮਹੱਤਤਾ ਅਤੇ ਦੇਸ਼ ਦੇ ਵਿਕਾਸ ਵਿਚ ਉਨ੍ਹਾਂ ਦੇ ਯੋਗਦਾਨ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਉਪਰਾਲੇ ਦੀ ਇਕ ਖ਼ਾਸ ਵਿਸ਼ੇਸ਼ਤਾ ਇਹ ਹੈ ਕਿ, ਭਾਵੇਂ ਇਹ ਪ੍ਰੋਗਰਾਮ ਮੁੱਖ ਤੌਰ ’ਤੇ ਨੌਵੀਂ ਤੋਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ’ਤੇ ਕੇਂਦਰਿਤ ਹੈ, ਪਰ ਛੇਵੀਂ ਤੋਂ ਅੱਠਵੀਂ ਜਮਾਤ ਦੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਇਸ ਵਿਚ ਸ਼ਾਮਲ ਕੀਤਾ ਗਿਆ ਹੈ ਤਾਂ ਜੋ ਉਹ ਛੋਟੀ ਉਮਰ ਤੋਂ ਹੀ ਉੱਚ ਪ੍ਰਸ਼ਾਸਨਿਕ ਅਹੁਦਿਆਂ ਲਈ ਇੱਕ ਸਪੱਸ਼ਟ ਅਤੇ ਮਜ਼ਬੂਤ ਸੋਚ ਵਿਕਸਿਤ ਕਰ ਸਕਣ। ਸਕੂਲ ਪ੍ਰਬੰਧਕਾਂ ਅਨੁਸਾਰ ਇਸ ਸਟੱਡੀ ਸੈਂਟਰ ਦੇ ਤਹਿਤ ਹਰ ਵੀਰਵਾਰ ਨੂੰ ਵਿਸ਼ੇਸ਼ ਕਲਾਸਾਂ ਲਗਾਈਆਂ ਜਾਣਗੀਆਂ। ਇਨ੍ਹਾਂ ਸੈਸ਼ਨਾਂ ਦੌਰਾਨ ਵਿਦਿਆਰਥੀਆਂ ਨੂੰ ਸਿਵਲ ਸਰਵਿਸਿਜ਼ ਪ੍ਰੀਖਿਆਵਾਂ ਦੇ ਸਿਲੇਬਸ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਜਨਰਲ ਨੌਲੇਜ ਅਤੇ ਜ਼ਰੂਰੀ ਪ੍ਰਸ਼ਾਸਨਿਕ ਹੁਨਰਾਂ ਦੀ ਸਿਖਲਾਈ ਦਿੱਤੀ ਜਾਵੇਗੀ। ਪਹਿਲੀ ਹੀ ਕਲਾਸ ਦੌਰਾਨ ਵਿਦਿਆਰਥੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਉਨ੍ਹਾਂ ਨੇ ਇਸ ਸੈਸ਼ਨ ਨੂੰ ਬਹੁਤ ਹੀ ਦਿਲਚਸਪ ਅਤੇ ਪ੍ਰੇਰਨਾਦਾਇਕ ਦੱਸਿਆ। ਵਿਦਿਆਰਥੀਆਂ ਨੇ ਕਿਹਾ ਕਿ ਸਕੂਲ ਦਾ ਇਹ ਉਪਰਾਲਾ ਉਨ੍ਹਾਂ ਦੇ ਭਵਿੱਖ ਨੂੰ ਸੰਵਾਰਨ ਵਿਚ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ ਅਤੇ ਉਹ ਇਸ ਸੁਨਹਿਰੀ ਮੌਕੇ ਦਾ ਪੂਰਾ ਫਾਇਦਾ ਉਠਾਉਣ ਲਈ ਦ੍ਰਿੜ ਹਨ।



