Home/ਪਲਾਸਟਿਕ ਮੁਕਤ ਸਮਾਜ ਦਾ ਸੰਦੇਸ਼ ਲੈ ਕੇ ਡੀਸੀਐੱਮ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਕੱਢੀ ਪੇਪਰ ਬੈਗ ਰੈਲੀ ਫਿਰੋਜ਼ਪੁਰ 12 ਜੁਲਾਈ (): ਵਾਤਾਵਰਣ ਦੀ ਸੰਭਾਲ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਅਤੇ ਪਲਾਸਟਿਕ ਦੇ ਲਿਫ਼ਾਫ਼ਿਆਂ ਦੀ ਵਰਤੋਂ ਨਾ ਕਰਨ ਦੇ ਉਦੇਸ਼ ਨਾਲ ਡੀਸੀਐੱਮ ਇੰਟਰਨੈਸ਼ਨਲ ਸਕੂਲ ਵੱਲੋਂ ਜ਼ੀਰਾ ਗੇਟ ਖੇਤਰ ਵਿਚ ਪੇਪਰ ਬੈਗ ਜਾਗਰੂਕਤਾ ਰੈਲੀ ਦਾ ਆਯੋਜਨ ਕੀਤਾ ਗਿਆ। ਰੈਲੀ ਦਾ ਉਦੇਸ਼ ਪਲਾਸਟਿਕ ਪ੍ਰਦੂਸ਼ਣ ਦੇ ਮਾੜੇ ਪ੍ਰਭਾਵਾਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਉਂਦੇ ਹੋਏ ਵਾਤਾਵਰਣ ਪੱਖੀ ਪੇਪਰ ਬੈਗਾਂ ਦੀ ਵਰਤੋਂ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰਿੰਸੀਪਲ ਅਨੁਰਾਧਾ ਚੰਦੇਲ ਨੇ ਦੱਸਿਆ ਕਿ ਰੈਲੀ ਵਿਚ ਵਿਦਿਆਰਥੀਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਉਨ੍ਹਾਂ ਦੇ ਹੱਥਾਂ ਵਿਚ ‘ਸੇਅ ਨੋ ਟੂ ਪਲਾਸਟਿਕ’ (ਪਲਾਸਟਿਕ ਨੂੰ ਨਾਂਹ ਕਹੋ), ‘ਪੇਪਰ ਬੈਗ ਅਪਣਾਓ, ਕੁਦਰਤ ਬਚਾਓ’ ਅਤੇ ‘ਹਰੇ-ਭਰੇ ਭਵਿੱਖ ਲਈ ਅੱਜ ਹੀ ਕਦਮ ਵਧਾਓ’ ਵਰਗੇ ਪ੍ਰੇਰਨਾਦਾਇਕ ਸੰਦੇਸ਼ਾਂ ਵਾਲੇ ਪੋਸਟਰ ਅਤੇ ਬੈਨਰ ਸਨ। ਵਿਦਿਆਰਥੀਆਂ ਨੇ ਬਾਜ਼ਾਰ ਵਿਚ ਦੁਕਾਨਦਾਰਾਂ ਅਤੇ ਰਾਹਗੀਰਾਂ ਨਾਲ ਗੱਲਬਾਤ ਕਰਕੇ ਪਲਾਸਟਿਕ ਦੀ ਜਗ੍ਹਾ ਪੇਪਰ ਬੈਗ ਅਪਣਾਉਣ ਦੀ ਅਪੀਲ ਕੀਤੀ ਅਤੇ ਵਾਤਾਵਰਣ ਦੀ ਸੰਭਾਲ ਵਿਚ ਆਪਣੀ ਭੂਮਿਕਾ ਨਿਭਾਉਣ ਦਾ ਸੰਦੇਸ਼ ਦਿੱਤਾ। ਜਾਗਰੂਕਤਾ ਮੁਹਿੰਮ ਤਹਿਤ ਵਿਦਿਆਰਥੀਆਂ ਨੇ ਬਾਜ਼ਾਰ ਦੇ ਦੁਕਾਨਦਾਰਾਂ ਨੂੰ ਆਪਣੇ ਹੱਥਾਂ ਨਾਲ ਤਿਆਰ ਕੀਤੇ ਪੇਪਰ ਬੈਗ ਵੀ ਵੰਡੇ। ਦੁਕਾਨਦਾਰਾਂ ਨੇ ਸਕੂਲ ਦੀ ਇਸ ਸ਼ਲਾਘਾਯੋਗ ਪਹਿਲਕਦਮੀ ਦੀ ਤਾਰੀਫ਼ ਕਰਦਿਆਂ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿਚ ਪਲਾਸਟਿਕ ਦੀ ਜਗ੍ਹਾ ਪੇਪਰ ਬੈਗ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦਾ ਭਰੋਸਾ ਦਿੱਤਾ। ਇਸ ਰੈਲੀ ਦਾ ਆਯੋਜਨ ਐਕਟੀਵਿਟੀ ਕੋਆਰਡੀਨੇਟਰ ਕਵਿਤਾ ਸ਼ਰਮਾ ਦੀ ਅਗਵਾਈ ਹੇਠ ਕੀਤਾ ਗਿਆ। ਉਨ੍ਹਾਂ ਨੇ ਵਿਦਿਆਰਥੀਆਂ ਦਾ ਉਤਸ਼ਾਹ ਵਧਾਉਂਦੇ ਹੋਏ ਵਾਤਾਵਰਣ ਦੀ ਸੰਭਾਲ ਲਈ ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਾਤਾਵਰਣ ਦੀ ਸੰਭਾਲ ਕੇਵਲ ਸਰਕਾਰ ਜਾਂ ਕਿਸੇ ਇੱਕ ਸੰਸਥਾ ਦੀ ਜ਼ਿੰਮੇਵਾਰੀ ਨਹੀਂ, ਬਲਕਿ ਹਰ ਨਾਗਰਿਕ ਦਾ ਫ਼ਰਜ਼ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣੇ ਘਰ, ਪਰਿਵਾਰ ਅਤੇ ਸਮਾਜ ਵਿਚ ਪੇਪਰ ਬੈਗ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਅਤੇ ਪਲਾਸਟਿਕ ਮੁਕਤ ਭਾਰਤ ਦੇ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸੱਦਾ ਦਿੱਤਾ। ਇਸ ਮੌਕੇ ਸੁਪਰਵਾਈਜ਼ਰ ਸੌਰਭ ਸ਼ਰਮਾ, ਅਕਾਦਮਿਕ ਕੋਆਰਡੀਨੇਟਰ ਮਨਜੀਤ ਕੌਰ ਅਤੇ ਆਰਟ ਐਂਡ ਕਰਾਫਟ ਅਧਿਆਪਕ ਰਮੇਸ਼ ਤਿਵਾੜੀ ਵੀ ਹਾਜ਼ਰ ਸਨ।/WhatsApp Image 2026-07-12 at 1.11.33 AM WhatsApp Image 2026-07-12 at 1.11.33 AM 🔊 Listen to this